ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਵਲੋਂ ਕਰਾਤਰਪੁਰ ਵਿਖੇ ਅੱਜ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਦੇ ਦਫਤਰ ਦਾ ਕਰਤਾਰਪੁਰ ਵਿਖੇ ਉਦਘਾਟਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਸਰਗਰਮ ਆਗੂ ਤੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਵੀ ਮੌਜੂਦ ਸਨ। ਮੀਟਿੰਗ ਵਿਚ ਹਲਕਾ ਇੰਚਾਰਜ ਪਰਮਜੀਤ ਸਿੰਘ ਰੇਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵਿਗੜੀ ਪਈ ਹੈ। ਕਿਸੇ ਨੂੰ ਵੀ ਕਾਨੂੰਨ ਦਾ ਡਰ ਜਾਂ ਭੈਅ ਨਹੀਂ ਹੈ ਬੇਖੌਫ ਲੁਟੇਰੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਜਿਨ੍ਹਾਂ ਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ। ਲੋਕਾਂ ਦੇ ਦਿਲਾਂ ਵਿਚ ਡਰ ਘਰ ਕਰ ਚੁੱਕਾ ਹੈ। ਘਰਾਂ ਵਿਚ ਚੋਰੀਆਂ ਦੀਆਂ ਵਾਰਦਾਤਾਂ ਆਮ ਹੀ ਵੱਧਦੀਆਂ ਜਾ ਰਹੀਆਂ ਹਨ। ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਹਨ ਕਿਉਂਕਿ ਪਤਾ ਨਹੀਂ ਕਿਹੜੇ ਮੋੜ ‘ਤੇ ਉਨ੍ਹਾਂ ਨਾਲ ਲੁੱਟ ਦੀ ਘਟਨਾ ਵਾਪਰ ਜਾਣੀ ਹੈ ਇਹ ਕਿਸੇ ਨੂੰ ਨਹੀਂ ਪਤਾ। ਉੱਤੋਂ ਪੁਲਸ ਦੀ ਕਾਰਗੁਜ਼ਾਰੀ ਵੀ ਖਾਨਾਪੂਰਤੀ ਵਾਲੀ ਹੈ। ਜਿਸ ਕਾਰਨ ਆਮ ਲੋਕ ਪੁਲਸ ਕੋਲ ਜਾਣਾ ਹੀ ਨਹੀਂ ਚਾਹੁੰਦੇ। ਸ਼ਰ੍ਹੇਆਮ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਕਈ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਹੈ।
ਉਥੇ ਹੀ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੇ ਕਿਹਾ ਕਿ ਪੰਜਾਬ ਇਸ ਵੇਲੇ ਕਰਜ਼ੇ ਦੀ ਪੰਡ ਹੇਠ ਡੁੱਬ ਰਿਹਾ ਹੈ, ਜਿਸ ਨੂੰ ਇਕੋ-ਇਕ ਪਾਰਟੀ ਬਚਾ ਸਕਦੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ। ਪੰਜਾਬ ਨੂੰ ਮੁੜ ਤੋਂ ਲੀਹ ‘ਤੇ ਲਿਆਉਣ ਲਈ ਵਪਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕਿਉਂਕਿ ਪੰਜਾਬ ਵਿਚ ਖੌਫ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਸ ਨੂੰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਮੁੜ ਤੋਂ ਬਹਾਲ ਕਰ ਸਕਦੀ ਹੈ ਕਿਉਂਕਿ ਹੋਰਨਾਂ ਪਾਰਟੀਆਂ ਨੇ ਤਾਂ ਪੰਜਾਬ ਨੂੰ ਸਿਰਫ ਲੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਰਹਿੰਦਿਆਂ ਪੰਜਾਬ ਵਿਚ ਸੜਕਾਂ, ਸਿੱਖਿਆ ਦਾ ਮਿਆਰ, ਘਰ-ਘਰ ਵਿਚ 24 ਘੰਟੇ ਬਿਜਲੀ, ਸਿਹਤ ਸਹੂਲਤਾਂ ਵਿਚ ਸ਼ਾਨਦਾਰ ਕੰਮ ਕੀਤਾ ਗਿਆ ਸੀ ਜਿਸ ਤੋਂ ਪੰਜਾਬ ਦੇ ਲੋਕ ਵੀ ਬਹੁਤ ਖੁਸ਼ ਸਨ।