Elleen News

Hot News

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਏਟੀਐਮ ਨਾਲ ਛੇੜ ਛਾੜ ਦਾ ਭੇਤ ਸੁਲਝਾ ਲਿਆ ਹੈ

ਜਲੰਧਰ, 11 ਅਪ੍ਰੈਲ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਏ.ਟੀ.ਐਮ ਦੀ ਛੇੜ ਛਾੜ ਦੇ ਰਹੱਸਮਈ ਮਾਮਲੇ ਨੂੰ ਕੁਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ।

ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਸ਼ ਲੋਡਿੰਗ ਮਸ਼ੀਨ ਦੇ ਮਾਲਕ ਦੀਪਕ ਸ਼ਰਮਾ ਨੇ ਸ਼ਿਕਾਇਤ ਕੀਤੀ ਹੈ ਕਿ 10-04-2024 ਨੂੰ ਉਸ ਨੂੰ ਇੱਕ ਗਾਹਕ ਦਾ ਕਾਲ ਆਇਆ ਜਿਸ ਨੇ ਕਰੀਬ 04 ਵਜੇ ਹਿਟਾਚੀ ਏਟੀਐਮ ਤੋਂ ਨਕਦੀ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਰਮਾ ਨੂੰ ਤਿੰਨ ਦਿਨ ਪਹਿਲਾਂ ਅਜਿਹੀ ਸੂਚਨਾ ਮਿਲੀ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਏ.ਟੀ.ਐਮ ਦੀ ਫਿਜ਼ੀਕਲ ਜਾਂਚ ਕਰਨ ‘ਤੇ ਪੁਲਿਸ ਪਾਰਟੀ ਅਤੇ ਬੈਂਕ ਦੀ ਟੀਮ ਨੂੰ ਕੈਸ਼ ਡਿਸਪੈਂਸਰ ‘ਤੇ ਪਲਾਸਟਿਕ ਦੀ ਸ਼ੀਟ ਮਿਲੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬਾਹਰ ਖੜ੍ਹੇ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਉਨ੍ਹਾਂ ਨੇ ਸ਼ੱਕੀ ਤੌਰ ‘ਤੇ ਦੇਖਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੌਰਾਨ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਉਕਤ ਵਿਅਕਤੀ ਏ.ਟੀ.ਐਮ ਨਾਲ ਛੇੜਛਾੜ ਦੀ ਕੋਸ਼ਿਸ਼ ਕਰਦਾ ਪਾਇਆ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਡਿਵੀਜ਼ਨ 5 ਜਲੰਧਰ ਵਿਖੇ ਐਫਆਈਆਰ 52 ਮਿਤੀ 10-04-2024 ਅਧੀਨ 380,420,454,511 ਆਈਪੀਸੀ ਦਰਜ ਕੀਤੀ ਗਈ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਦੀ ਪਹਿਚਾਣ ਰਵੀ ਪਾਲ ਪੁੱਤਰ ਗੁਰਮੀਤ ਰਾਮ ਵਾਸੀ ਪਿੰਡ ਹੀਰਾਪੁਰ ਥਾਣਾ ਲਾਂਬੜਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਦੋ ਕੇਸ ਚੱਲ ਰਹੇ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Translate »