Elleen News

Hot News

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਖੋਹ ਦੇ ਵਾਹਨਾਂ ਸਮੇਤ ਤਿੰਨ ਨੂੰ ਕੀਤਾ ਕਾਬੂ

ਜਲੰਧਰ, 24 ਅਪ੍ਰੈਲ: ਜਲੰਧਰ ਪੁਲਿਸ ਕਮਿਸ਼ਨਰੇਟ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਤਿੰਨ ਸਨੈਚੇਰਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹ ਦੇ ਵਾਹਨ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦਿਲਪ੍ਰੀਤ ਸਿੰਘ ਉਰਫ ਦੀਪੂ ਪੁੱਤਰ ਵਰਜਿੰਦਰ ਸਿੰਘ ਵਾਸੀ 88/7 ਗੁਰਦੇਵ ਨਗਰ ਜਲੰਧਰ ਅਤੇ ਮਨਿੰਦਰ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ 227. ਹਰਨਾਮਦਾਸ ਪੁਰਾ ਜਲੰਧਰ, ਜੋ ਕਿ ਜੁਰਮਾਂ ਦੇ ਵਿਚ ਸ਼ਾਮਿਲ ਹਨ, ਜਲੰਧਰ ਦੇ ਜੇਲ੍ਹ ਚੌਂਕ ਨੇੜੇ ਖੋਹ ਦੇ ਮੋਟਰਸਾਈਕਲ ‘ਤੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਾਲ ਵਿਛਾਇਆ ਤਾਂ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਰਜਿਸਟ੍ਰੇਸ਼ਨ ਨੰਬਰ ਪੀ.ਬੀ.08-ਈਯੂ-5663 ਨਾਲ ਆਉਂਦੇ ਦੇਖਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਨੌਜਵਾਨ ਵਾਹਨ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਸਾਥੀ ਬੁੱਧ ਪ੍ਰਕਾਸ਼ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ 386ਬੀ ਮੋਹਨ ਵਿਹਾਰ ਲੱਧੇਵਾਲੀ ਜਲੰਧਰ ਵੀ ਉਨ੍ਹਾਂ ਨਾਲ ਵਾਹਨ ਖੋਹ ਕਰਨ ਵਿਚ ਸ਼ਾਮਿਲ ਸੀ | ਇਸ ਸਬੰਧੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੁੱਧ ਪ੍ਰਕਾਸ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਐਕਟਿਵਾ ਜਿਸਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.08-ਈ.ਡੀ.-3502 ਸੀ ਬਰਾਮਦ ਕੀਤਾ ਜਿਸ ‘ਤੇ ਜਾਅਲੀ ਰਜਿਸਟ੍ਰੇਸ਼ਨ ਨੰਬਰ ਪੀ.ਬੀ.08-ਈਡੀ-3534 ਲਿਖਿਆ ਹੋਇਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਖੋਹ ਦੀਆਂ ਕਈ ਵਾਰਦਾਤਾਂ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ ਅਤੇ 3-4 ਦਿਨ ਪਹਿਲਾਂ ਹੀ ਜਲੰਧਰ ਦੇ ਲਵਲੀ ਸਵੀਟਸ ਰੋਡ ’ਤੇ ਇੱਕ ਵਿਅਕਤੀ ਤੋਂ ਮੋਟਰਸਾਈਕਲ ਖੋਹਣ ਦੀ ਗੱਲ ਕਬੂਲੀ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਖਿਲਾਫ ਥਾਣਾ ਡਿਵੀਜ਼ਨ 2 ਜਲੰਧਰ ਵਿਖੇ ਐਫਆਈਆਰ ਨੰਬਰ 34 ਮਿਤੀ 21-04-2024, ਅਧੀਨ 379ਬੀ,34,411 ਆਈਪੀਸੀ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਨਿੰਦਰ ਤੇ ਦਿਲਪ੍ਰੀਤ ਖ਼ਿਲਾਫ਼ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Translate »