ਜਲੰਧਰ, 13 ਅਪਰੈਲ : ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਮੋਬਾਈਲ ਫ਼ੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸਾਗਰ ਅਤੇ ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਖਿਲਾਫ ਕਈ ਚੋਰੀ ਦੇ ਮੁਕੱਦਮੇ ਦਰਜ ਹਨ, ਕਾਜੀ ਮੰਡੀ ਨੇੜੇ ਚੋਰੀ ਦੇ ਮੋਬਾਈਲ ਵੇਚਣ ਲਈ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਕਾਜੀ ਮੰਡੀ ਨੇੜੇ ਛਾਪੇਮਾਰੀ ਕੀਤੀ, ਜਿਸ ਦੇ ਸਿੱਟੇ ਵਜੋਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ | ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਐਫਆਈਆਰ 92 ਮਿਤੀ 11-04-2024 ਅਧੀਨ 379/411/34 ਆਈ.ਪੀ.ਸੀ. ਦਰਜ ਕੀਤੀ ਗਈ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਐਫਆਈਆਰ ਸਾਗਰ ਖਿਲਾਫ ਅਤੇ ਦੋ ਗੁਰਪ੍ਰੀਤ ਉਰਫ ਵਿੱਕੀ ਖਿਲਾਫ ਪਹਿਲਾਂ ਹੀ ਪੈਂਡਿੰਗ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਪਾਰਟੀ ਨੇ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੰਕੇਤ ਕੁਮਾਰ ਰਾਜਪੂਤ ਨੂੰ ਕਾਬੂ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਕੋਲੋਂ ਚੋਰੀ ਦਾ ਵੀਵੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.08-ਐਫਸੀ-3833 ਹੈ ਬਰਾਮਦ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ 8 ਜਲੰਧਰ ਵਿਖੇ ਮੁਕੱਦਮਾ/ਐਫਆਈਆਰ 76 ਮਿਤੀ 12-04-2024 ਅਧੀਨ 379ਬੀ,411,34 ਆਈਪੀਸੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਮੁਲਜ਼ਮਾਂ ਦਾ ਕੋਈ ਵੀ ਅਪਰਾਧਿਕ ਪਿਛੋਕੜ ਪਤਾ ਨਹੀਂ ਲੱਗਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।